ਸਰੀ-ਇੰਟਰਨੈਸ਼ਨਲ ਸਟੂਡੈਂਟ ਯੂਨੀਅਨ (ISU) ਵੱਲੋਂ ਬੀਤੇ ਦਿਨੀਂ ਸਰੀ ਦੇ ਪ੍ਰਿੰਸੈਸ ਮਾਰਗਰੇਟ ਪਾਰਕ ਵਿਖੇ ਤੀਜਾ ਪੇਂਡੂ ਖੇਡ ਮੇਲਾ 2023 ਕਰਵਾਇਆ ਗਿਆ ਜਿਸ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਕੱਤਰ ਰੋਮਨਪ੍ਰੀਤ ਨੇ ਦੱਸਿਆ ਹੈ ਕਿ ਖੇਡ ਮੇਲੇ ਵਿਚ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਮਿਊਜ਼ੀਕਲ ਚੇਅਰ, ਸੀਪ ਆਦਿ ਦੇ ਮੁਕਾਬਲੇ ਕਰਵਾਏ ਗਏ।
ਕ੍ਰਿਕਟ ਮੁਕਾਬਲੇ ਵਿਚ ਬਾਬਾ ਇਲੈਵਨ ਦੀ ਟੀਮ ਜੇਤੂ ਰਹੀ ਅਤੇ ਸਮਰ ਇਲੈਵਨ ਰਨਰ ਅੱਪ ਰਹੀ। ਬੈਡਮਿੰਟਨ ਵਿਚ ਰੁਪਿੰਦਰ ਕੌਰ ਢਿੱਲੋਂ ਨੇ ਜਿੱਤ ਹਾਸਲ ਕੀਤੀ। ਵਾਲੀਬਾਲ ਮੁਕਾਬਲੇ ਵਿਚ ਬੀ.ਸੀ. ਫਰੈਂਡਲੀ ਵਾਲੀਬਾਲ ਕਲੱਬ ਦੀ ਟੀਮ ਜੇਤੂ ਬਣੀ ਅਤੇ ਸਰੀ ਸਪਾਈਕਰ ਰਨਰ ਅੱਪ ਰਹੀ। ਮਿਊਜ਼ੀਕਲ ਚੇਅਰ ਦਾ ਦਿਲਚਸਪ ਮੁਕਾਬਲਾ ਸੁਖਮਨ ਗਿੱਲ ਨੇ ਆਪਣੇ ਨਾਮ ਕੀਤਾ। ਯੂਨੀਅਨ ਵੱਲੋਂ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਯੂਨੀਅਨ ਵੱਲੋਂ ਖੇਡ ਮੇਲੇ ਦੇ ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦਿੱਤੇ ਗਏ।